ਤੀਆਂ ਔਰਤਾਂ ਲਈ ਸਾਂਝ ਤੇ ਖੇੜਿਆਂ ਦਾ ਤਿਉਹਾਰ : ਡਾ. ਗੁਰਪ੍ਰੀਤ ਕੌਰ ਮਾਨ
ਜੈਤੋ, 4 ਅਗਸਤ ( ਹਰਮੇਲ ਪਰੀਤ)- ਤੀਆਂ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਸਮਾਗਮ 'ਤੀਜ ਮੇਲਾ-ਤੀਆਂ ਜੈਤੋ ਦੀਆਂ' ਇੱਥੋਂ ਦਾ ਬਾਜਾਖਾਨਾ ਰੋਡ 'ਤੇ ਇਕ ਨਿੱਜੀ ਪੈਲਿਸ ਵਿਚ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਜੈਤੋ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
ਹਲਕਾ ਵਿਧਾਇਕ ਅਮੋਲਕ ਸਿੰਘ ਦੀ ਧਰਮ ਪਤਨੀ ਬੀਬੀ ਮਨਪ੍ਰੀਤ ਕੌਰ ਦੀ ਅਗਵਾਈ 'ਚ ਕਰਵਾਏ ਗਏ ਇਸ ਸਮਾਗਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।
ਇਲਾਕੇ 'ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੇ ਇਸ ਤੀਜ ਮੇਲੇ ਦਾ ਭਰਪੂਰ ਲੁਤਫ਼ ਲਿਆ। ਡਾ. ਗੁਰਪ੍ਰੀਤ ਕੌਰ ਮਾਨ ਅਤੇ ਮਨਪ੍ਰੀਤ ਕੌਰ ਨੇ ਵੀ ਆਈਆਂ ਹੋਈਆਂ ਔਰਤਾਂ ਨਾਲ ਰਲ ਕੇ ਗਿੱਧਾ ਪਾਇਆ।
ਇਸ ਮੌਕੇ ਬੋਲਦਿਆਂ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚ ਕੇ ਬੀਬੀਆਂ ਨੇ ਜੋ ਉਤਸ਼ਾਹ ਦਿਖਾਇਆ ਹੈ ਉਸ ਲਈ ਉਹ ਬੇਹੱਦ ਧੰਨਵਾਦੀ ਹਨ। ਉਹਨਾਂ ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਵੀ ਇਸ ਸਮਾਗਮ 'ਚ ਪਹੁੰਚ ਕੇ ਮਾਣ ਵਧਾਉਣ ਲਈ ਉਚੇਚਾ ਧੰਨਵਾਦ ਕੀਤਾ।
ਆਪਣੇ ਜਜ਼ਬਾਤ ਸਾਂਝੇ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਔਰਤਾਂ ਲਈ ਖੁਸ਼ੀਆਂ ਭਰਿਆ ਰਵਾਇਤੀ ਤਿਉਹਾਰ ਹੈ ਜਿਸ ਦਾ ਉਨ੍ਹਾਂ ਬਹੁਤ ਹੀ ਚਾਅ ਅਤੇ ਇੰਤਜ਼ਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੈਤੋ ਵਿਖੇ ਔਰਤਾਂ ਨਾਲ ਇਹ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਇਨ੍ਹਾਂ ਖੁਸ਼ੀਆਂ ਖੇੜਿਆਂ ਨੂੰ ਹੁਲਾਰਾ ਦੇਣ ਲਈ ਭਰਪੂਰ ਕੋਸ਼ਿਸ਼ ਕਰ ਰਹੇ ਹਨ ਤੇ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ। ਡਾ.ਮਾਨ ਨੇ ਵਿਧਾਇਕ ਅਮੋਲਕ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੂੰ ਇਸ ਸਫ਼ਲ ਸਮਾਗਮ ਕਰਵਾਉਣ 'ਤੇ ਮੁਬਾਰਕਬਾਦ ਦਿੱਤੀ।।
ਇਸ ਮੌਕੇ ਮਨਪ੍ਰੀਤ ਕੌਰ ਵੱਲੋਂ ਡਾ. ਗੁਰਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਹੋਈਆਂ ਸਰਪੰਚਣੀਆਂ ਅਤੇ ਔਰਤਾਂ ਨੇ ਵੀ ਭਾਗ ਲਿਆ।






Comments
Post a Comment